ਪੰਚਕੂਲਾ ਦੇ ਮਸ਼ਹੂਰ ਸੈਰ ਸਪਾਟਾ ਸਥਾਨ ਮੋਰਨੀ ਨੇੜੇ ਇਕ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਗੁਰੂ ਨਾਨਕ ਪਬਲਿਕ ਸਕੂਲ ਦੀ ਬੱਸ ਪੰਜਾਬ ਦੇ ਲੁਧਿਆਣਾ ਦੇ ਮੁੱਲਾਂਪੁਰ ਤੋਂ ਬੱਚਿਆਂ ਨੂੰ ਲੈ ਕੇ ਇੱਥੇ ਪਹੁੰਚੀ ਸੀ। ਸਕੂਲੀ ਬੱਚੇ ਮੋਰਨੀ ਦੇ ਟਿੱਕਰ ਤਲ ‘ਤੇ ਘੁੰਮਣ ਆਏ ਹੋਏ ਸਨ। ਜਿੱਥੇ ਬੱਸ ਦੀ ਬ੍ਰੇਕ ਫੇਲ ਹੋ ਗਈ ਅਤੇ ਫਿਰ ਬੱਸ ਇੱਕ ਦਰੱਖਤ ਨਾਲ ਜਾ ਟਕਰਾਈ।
ਹਾਦਸੇ ਵਿੱਚ 7 ਬੱਚੇ ਅਤੇ 2 ਮਹਿਲਾ ਅਧਿਆਪਕ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਮੋਰਨੀ ਪੁਲੀਸ ਚੌਕੀ ਦੇ ਇੰਚਾਰਜ ਕਮਲਜੀਤ ਅਤੇ ਹੋਮਗਾਰਡ ਕਾਂਸਟੇਬਲ ਰਣਬੀਰ ਤੇ ਹੋਰਾਂ ਨੇ ਡਾਇਲ 112 ਦੀ ਟੀਮ ਸਮੇਤ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਲਈ ਸਥਾਨਕ ਹਸਪਤਾਲ ਪਹੁੰਚਾਇਆ।
ਚੌਕੀ ਇੰਚਾਰਜ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਕੋਈ ਵੀ ਵੱਡਾ ਹਸਪਤਾਲ ਨਹੀਂ ਹੈ, ਜਿਸ ਕਾਰਨ ਕੁੱਲ 7 ਬੱਚਿਆਂ ਅਤੇ 2 ਮਹਿਲਾ ਅਧਿਆਪਕਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਜਨਰਲ ਹਸਪਤਾਲ ਸੈਕਟਰ 6 ਰੈਫਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਡਰਾਈਵਰ ਦੀ ਸਿਆਣਪ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਸਕੂਲ ਬੱਸ ਬੱਚਿਆਂ ਨੂੰ ਮੋਰਨੀ ਸੈਰ-ਸਪਾਟੇ ਲਈ ਲੈ ਕੇ ਆਈ ਸੀ।