ਬਿਊਰੋ ਰਿਪੋਰਟ: ਅਦਾਲਤ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਲੁਧਿਆਣਾ ਦਾ ਰਹਿਣ ਵਾਲਾ ਪਰਮਜੀਤ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅੰਦਰ ਜਿੱਥੇ ਲਾਈਟ ਲੱਗੀ ਹੋਈ ਹੈ, ਸਿਗਰਟ ਪੀਂਦਾ ਫੜਿਆ ਗਿਆ। 13 ਸਤੰਬਰ 2021 ਨੂੰ ਤੜਕੇ 4:30 ਵਜੇ ਪਰਮਜੀਤ ਨੇ ਸਿਗਰਟ ਜਗਾਈ ਅਤੇ ਧੂੰਆਂ ਮੂੰਹ ਵਿੱਚ ਪਾ ਕੇ ਰਾਗੀ ਸਿੰਘ ਦੇ ਪਿੱਛੇ ਸਿਗਰਟ ਸੁੱਟ ਦਿੱਤੀ। ਉਸ ਦੀ ਇਸ ਹਰਕਤ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਖਿੱਚ ਕੇ ਪੁਲੀਸ ਹਵਾਲੇ ਕਰ ਦਿੱਤਾ।
ਉਧਰ, ਪਰਮਜੀਤ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਹ ਪਿਛਲੇ ਇੱਕ ਸਾਲ ਤੋਂ ਮਾਨਸਿਕ ਤੌਰ ‘ਤੇ ਇਲਾਜ ਅਧੀਨ ਸੀ। ਇਸ ਲਈ ਉਸ ਵਿਚ ਸੋਚਣ ਅਤੇ ਸਮਝਣ ਦੀ ਸ਼ਕਤੀ ਨਹੀਂ ਸੀ। ਪੁਲੀਸ ਨੇ ਪਰਮਜੀਤ ਖ਼ਿਲਾਫ਼ ਆਈਪੀਸੀ ਦੀ ਧਾਰਾ 295ਏ ਤਹਿਤ ਕੇਸ ਦਰਜ ਕੀਤਾ ਸੀ।
17 ਮਈ 2022 ਨੂੰ ਜੱਜ ਹਰਪ੍ਰੀਤ ਕੌਰ ਜੀਵਨ ਨੇ ਪਰਮਜੀਤ ਵਿਰੁੱਧ ਧਾਰਾ 295ਏ, 436 ਅਤੇ 511 ਆਈਪੀਸੀ ਤਹਿਤ ਦੋਸ਼ ਆਇਦ ਕੀਤੇ। ਜਿਸ ਵਿੱਚ ਕਿਹਾ ਗਿਆ ਸੀ ਕਿ ਸਿਗਰਟ ਦਾ ਅੱਧਾ ਹਿੱਸਾ ਜਾਣ ਬੁੱਝ ਕੇ ਜਗਾਇਆ ਗਿਆ ਅਤੇ ਸਿਗਰਟ ਪੀਤੀ ਗਈ ਅਤੇ ਫਿਰ ਰਾਗੀ ਸਿੰਘ ਦੇ ਪਿੱਛੇ ਸਿਗਰਟ ਸੁੱਟ ਦਿੱਤੀ ਗਈ। ਜਿਸ ਨਾਲ ਭਾਰੀ ਨੁਕਸਾਨ ਹੋਣ ਦਾ ਖਤਰਾ ਸੀ।
ਅਦਾਲਤ ਨੇ ਪਰਮਜੀਤ ਨੂੰ ਧਾਰਾ 435 ਆਈਪੀਸੀ ਤਹਿਤ 5 ਸਾਲ ਦੀ ਸਜ਼ਾ ਸੁਣਾਈ ਹੈ ਜਦਕਿ ਧਾਰਾ 295ਏ ਆਈ.ਪੀ.ਸੀ. ਦੇ ਤਹਿਤ 2 ਸਾਲ ਦੀ ਸਜ਼ਾ ਦੋਵੇਂ ਸਜ਼ਾਵਾਂ ਨਾਲ-ਨਾਲ ਚੱਲਣਗੀਆਂ। ਇਸ ਤੋਂ ਇਲਾਵਾ 5 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਹਾਲਾਂਕਿ ਪਰਮਜੀਤ ਨੂੰ ਧਾਰਾ 436 ਅਤੇ 511 ਆਈ.ਪੀ.ਸੀ. ਤੋਂ ਬਰੀ ਕਰ ਦਿੱਤਾ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੋਸ਼ੀਆਂ ਦੀ ਸਜ਼ਾ ਦਾ ਸੁਆਗਤ ਕੀਤਾ ਹੈ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਸੁਣਾਈ ਗਈ ਪੰਜ ਸਾਲ ਦੀ ਸਜ਼ਾ ਨਾਕਾਫ਼ੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰਾਂ ਨੂੰ ਧਾਰਮਿਕ ਭਾਵਨਾਵਾਂ ਦਾ ਅਪਮਾਨ ਕਰਨ ਅਤੇ ਈਸ਼ਨਿੰਦਾ ਦੇ ਮਾਮਲਿਆਂ ਵਿੱਚ ਸਖ਼ਤ ਅਤੇ ਮਿਸਾਲੀ ਸਜ਼ਾ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਈਸ਼ਨਿੰਦਾ ਨਾਲ ਸਬੰਧਤ ਕੇਸਾਂ ਨੂੰ ਬਿਨਾਂ ਕਿਸੇ ਦੇਰੀ ਦੇ ਫਾਸਟ ਟਰੈਕ ਅਦਾਲਤਾਂ ਬਣਾ ਕੇ ਚਲਾਏ ਜਾਣ ਤਾਂ ਜੋ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਯਕੀਨੀ ਬਣਾਈ ਜਾ ਸਕੇ।
ਪੋਸਟ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ‘ਚ ਇਹ ਕਾਰਾ ਕਰਨ ਵਾਲੇ ਨੂੰ 5 ਸਾਲ ਦੀ ਸਜ਼ਾ! ਪਹਿਲੀ ਵਾਰ ਪ੍ਰਗਟ ਹੋਇਆ ਖਾਲਸਾ ਟੀ.ਵੀ.