ਈਰਾਨ ਤੋਂ ਆਏ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ


ਈਰਾਨ ਤੋਂ ਇਕ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਿਆ ਅਤੇ ਕੇਂਦਰੀ ਸਿੱਖ ਧਰਮ ਅਸਥਾਨ ਦੇ ਦਰਸ਼ਨ ਕੀਤੇ। ਵਫ਼ਦ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁਲਾਕਾਤ ਵੀ ਕੀਤੀ।

ਈਰਾਨ ਤੋਂ ਆਏ ਇਸ ਵਫ਼ਦ ਵਿੱਚ ਭਾਰਤ ਵਿੱਚ ਯੂਨੀਵਰਸਿਟੀ ਦੇ ਮੁੱਖ ਪ੍ਰਤੀਨਿਧੀ ਅਲੀ ਅੱਬਾਸੀ, ਅਲ-ਮੁਸਤਫਾ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਜ਼ਾ ਸ਼ੇਕਰੀ, ਡਾ: ਅੱਬਾਸੀ ਦੇ ਨਿੱਜੀ ਸਹਾਇਕ ਡਾ: ਮੁਰਤਜ਼ਾ ਸ਼ਨੀ, ਯੂਨੀਵਰਸਿਟੀ ਦੇ ਡਿਪਟੀ (ਇੰਟਰਨੈਸ਼ਨਲ) ਡਾ: ਅਥਰ ਜਾਫ਼ਰੀ, ਦਿੱਲੀ ਯੂਨੀਵਰਸਿਟੀ ਤੋਂ ਡਾ. ਅਲੀ ਅਕਬਰ ਸ਼ਾਹ ਸ਼ਾਮਲ ਸਨ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ, ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਓਐਸਡੀ ਸ: ਸਤਬੀਰ ਸਿੰਘ ਧਾਮੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਾਬੀ ਭਾਸ਼ਾ ਪ੍ਰਚਾਰ ਕਮੇਟੀ ਦੇ ਕਨਵੀਨਰ ਸ. ਰਜਿੰਦਰ ਸਿੰਘ ਵਿਰਾਸਤ ਵੀ ਹਾਜ਼ਰ ਸਨ।

ਸਿੱਖ ਆਗੂਆਂ ਨਾਲ ਮੁਲਾਕਾਤ ਦੌਰਾਨ ਇਰਾਨ ਦੇ ਵਫ਼ਦ ਨੇ ਉਨ੍ਹਾਂ ਨੂੰ ਇਰਾਨ ਆਉਣ ਅਤੇ ਉਥੋਂ ਦੇ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਸੱਦਾ ਦਿੱਤਾ। ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਫ਼ਦ ਦੇ ਮੈਂਬਰਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਲੋਈ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ।

ਵਫ਼ਦ ਨਾਲ ਹੋਈ ਮੁਲਾਕਾਤ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਰਾਨ ਤੋਂ ਆਇਆ ਇਹ ਵਫ਼ਦ ਉਥੋਂ ਦੀ ਯੂਨੀਵਰਸਿਟੀ ਨਾਲ ਸਬੰਧਤ ਸੀ, ਜਿਨ੍ਹਾਂ ਨਾਲ ਵੱਖ-ਵੱਖ ਖੇਤਰਾਂ ਵਿੱਚ ਸਾਂਝੇ ਉਪਰਾਲੇ ਤਹਿਤ ਕੰਮ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੀਆਂ ਯੋਗ ਸੰਭਾਵਨਾਵਾਂ 'ਤੇ ਕਾਰਵਾਈ ਕਰਨ ਲਈ ਵਿਚਾਰ ਕੀਤਾ ਜਾਵੇਗਾ।

ਵਫ਼ਦ ਦੇ ਆਗੂ ਵਾਈਸ ਚਾਂਸਲਰ ਡਾ: ਅਲੀ ਅੱਬਾਸੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਰਾਨੀਆਂ ਦੇ ਸਿੱਖਾਂ ਸਮੇਤ ਭਾਰਤ ਦੇ ਹੋਰਨਾਂ ਧਰਮਾਂ ਨਾਲ ਆਪਸੀ ਸਬੰਧ ਹਨ, ਇਸ ਲਈ ਕਈ ਖੇਤਰਾਂ ਜਿਵੇਂ ਕਿ ਧਾਰਮਿਕ ਇਤਿਹਾਸ, ਫਾਰਸੀ ਭਾਸ਼ਾ, ਸਿੱਖਿਆ, ਸੱਭਿਆਚਾਰ ਆਦਿ ਵਿੱਚ ਸਾਂਝੇ ਯਤਨਾਂ ਨਾਲ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਸਿੱਖ ਆਗੂਆਂ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਈ ਅਤੇ ਉਨ੍ਹਾਂ ਨੂੰ ਇੱਥੇ ਦੇਖ ਕੇ ਬਹੁਤ ਚੰਗਾ ਲੱਗਾ। ਇਸ ਮੌਕੇ ਵਧੀਕ ਮੈਨੇਜਰ ਸ: ਜਸਪਾਲ ਸਿੰਘ ਢੱਡੇ, ਸ. ਯੁਵਰਾਜ ਸਿੰਘ, ਸ੍ਰੀ ਅਜੀਤ ਸਿੰਘ, ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ, ਸ੍ਰੀ ਰਣਧੀਰ ਸਿੰਘ ਆਦਿ ਹਾਜ਼ਰ ਸਨ।



Source link

Leave a Comment